ਇੱਕ ਮਹੀਨਾ ਹੋ ਗਿਆ ਸੀ ਮਨਜੀਤ ਨੂੰ ਮੰਜੇ ਨਾਲ ਲੱਗੀ ਨੂੰ, ਕਮਲਿਆਂ ਵਾਂਗ ਸਾਰਾ ਸਾਰਾ ਦਿਨ ਬੂਹੇ ਵੱਲ ਤੱਕਦੀ ਰਹਿੰਦੀ ਸੀ। ਉਸਦੇ ਚੇਹਰੇ ਤੇ ਅਜੀਬ ਜਹੀ ਮੁਰਦਾਰ ਫੈਲੀ ਹੋਈ ਸੀ। ਰੋ-ਰੋ ਕੇ ਉਸਦੀਆਂ ਅੱਖਾਂ ਦਾ ਪਾਣੀ ਵੀ ਸੁੱਕ ਗਿਆ ਸੀ। ਉਸਦੀ ਹਾਲਾਤ ਇੰਨੀ ਬੁਰੀ ਜਾਪਦੀ ਸੀ ਕੇ ਵੇਖ ਕੇ ਤਰਸ ਆਉਂਦਾ ਸੀ, ਪਰ ਹੁੰਦੀ ਵੀ ਕਯੋਂ ਨਾ। ਜਿਨ੍ਹਾਂ ਮਾਵਾਂ ਦੇ ਪੁੱਤ ਉਨ੍ਹਾਂ ਦੀਆਂ ਅੱਖਾ ਸਾਹਵੇਂ ਟੁਰ ਜਾਵਣ, ਉਨ੍ਹਾਂ ਦਾ ਜੱਗ ਤੇ ਜਿਉਣ ਕੋਈ ਨਹੀ ਹੁੰਦਾ। ਉਹ ਜਿਓਂਦੇ ਜੀ ਮਰ ਜਾਂਦੀਆਂ ਹਨ।
ਮਨਜੀਤ ਤੇ ਉਹਦੇ ਘਰਵਾਲੇ ਨੇ ਬੜੇ ਤੰਗੀ-ਤੁਰਸੀ ਵਾਲੇ ਦਿਨ ਕੱਟੇ। ਭੈਣ ਭਰਾਵਾਂ ਦੀਆਂ ਕਬੀਲਦਾਰੀਆਂ ਵੀ ਨਿਜਿੱਠੀਆਂ। ਘਰ ਦੇ ਹਾਲਾਤ ਗ਼ਰੀਬੀ ਕਾਰਨ ਮਾੜੇ ਹੁੰਦੇ ਗਏ। ਇੱਧਰ ਬੱਚੇ ਜਵਾਨ ਹੋ ਰਹੇ ਸਨ। ਵੱਡਾ ਪੁੱਤਰ ਸੁਰਖ਼ਾਬ ਤੇ ਨਿੱਕੀ ਧੀ ਲਵਲੀਨ। ਮਨਜੀਤ ਇਸ ਗੱਲ ਦੇ ਪੱਖ ਵਿੱਚ ਬਿਲਕੁਲ ਨਹੀਂ ਸੀ ਕਿ ਜੋ ਦਿਨ ਉਨ੍ਹਾਂ ਨੇ ਵੇਖੇ, ਜੋ ਗ਼ਰੀਬੀ ਉਨ੍ਹਾਂ ਨੇ ਹੰਢਾਈ, ਬੱਚਿਆਂ ਨੂੰ ਵੀ ਓਹੀ ਸਭ ਝੇਲਣਾ ਪਵੇ। ਉੱਤੋਂ ਵੇਲ ਵਾਂਗ ਵਧਦੀ ਜਾ ਰਹੀ ਲਵਲੀਨ ਦੇ ਵਿਆਹ ਦੀ ਫਿਕਰ ਵੀ ਓਹਨੂੰ ਵੱਢ ਵੱਢ ਖਾ ਰਹੀ ਸੀ।
ਚੰਹ ਕੁ ਸਾਲ ਪਹਿਲਾਂ ਕੌੜਾ ਘੁੱਟ ਭਰਕੇ ਉਨ੍ਹਾਂ ਆਪਣੇ ਹਿੱਸੇ ਦੇ ਚਾਰ ਛਿੱਲੜ ਵੇਚਕੇ ਸੁਰਖ਼ਾਬ ਨੂੰ ਪੈਸੇ ਕਮਾਉਣ ਬਾਹਰਲੇ ਮੁਲਖ ਭੇਜ ਦਿੱਤਾ। ਕਹਿੰਦੇ ਨੇ ਕਿ ਦਿਨ ਹਮੇਸ਼ਾ ਇੱਕੋ ਜਿਹੇ ਨਹੀਂ ਰਹਿੰਦੇ, ਸੁਰਖ਼ਾਬ ਕਮਾਊ ਮਾਂ-ਪਿਓ ਦਾ ਕਮਾਊ ਪੁੱਤਰ ਨਿਕਲਿਆ। ਛੇਤੀ ਹੀ ਉਹ ਘਰ ਪੈਸੇ ਭੇਜਣ ਲੱਗ ਪਿਆ। ਦੋ ਕੁ ਵਰ੍ਹੇ ਬਾਅਦ ਸੋਹਣਾ ਜਿਹਾ ਘਰ-ਬਾਰ ਤੇ ਸੁੰਘੜ ਸਿਆਣਾ ਮੁੰਡਾ ਲੱਭ ਕੇ ਨਿੱਕੀ ਲਵਲੀਨ ਦਾ ਵਿਆਹ ਕਰ ਲਿਆ ਗਿਆ। ਸੁਰਖ਼ਾਬ ਨੇ ਆਉਣ ਲਈ ਛੁੱਟੀ ਵੀ ਭਰ ਦਿੱਤੀ। ਰੱਖੜੀ ਤੋਂ ਚੰਹ ਕੁ ਦਿਨਾਂ ਮਗਰੋਂ ਨਿੱਕੀ ਦੀ ਡੋਲੀ ਤੁਰਨੀ ਸੀ। ਪਰ ਸੁਰਖ਼ਾਬ ਮੌਕੇ ‘ਤੇ ਨਹੀਂ ਪਹੁੰਚ ਸਕਿਆ। ਵੀਰ ਨੂੰ ਉਡੀਕਦੀ ਨਿੱਕੀ, ਭਰੀਆਂ ਅੱਖਾਂ ਨਾਲ ਬਾਬੁਲ ਦੇ ਵਿਹੜੇ ਤੋਂ ਵਿਦਾ ਹੋਈ।
ਮਨਜੀਤ ਇਸ ਪਾਸੇ ਤੋਂ ਤਾਂ ਸੁਰਖਰੂ ਹੋ ਚੁੱਕੀ ਸੀ ਕਿ ਧੀ ਦਾ ਘਰ ਵੱਸ ਗਿਆ, ਪਰ ਕੱਲੀ ਨੂੰ ਹੁਣ ਘਰ ਵੱਢ ਖਾਣ ਨੂੰ ਆਉਂਦਾ ਸੀ। ਉਹ ਹੁਣ ਚਾਹੁੰਦੀ ਸੀ ਕਿ ਘਰ ਵਿਚ ਨੂੰਹ ਆ ਜਾਵੇ ਤੇ ਘਰ ਬੱਚਿਆਂ ਨਾਲ ਭਰ ਜਾਵੇ। ਸਿਆਣੇ ਵੀ ਕਹਿੰਦੇ ਹਨ ਕਿ ਦੌਲਤਾਂ ਭਾਵੇਂ ਲੱਖ ਹੋਣ ਪਰ ਔਲਾਦ ਤੋਂ ਵੱਡੀ ਕੋਈ ਦੌਲਤ ਨਹੀਂ ਹੁੰਦੀ। ਨਿੱਕੇ-ਨਿੱਕੇ ਬੱਚੇ ਘਰ ਵਿੱਚ ਰੌਣਕ ਲਾਈ ਰੱਖਦੇ ਹਨ। ਮਕਾਨ ਵੀ ਵਧੀਆ ਬਣ ਗਿਆ ਸੀ ਤੇ ਹੌਲੀ-ਹੌਲੀ ਮਨਜੀਤ ਨੇ ਸੁਰਖ਼ਾਬ ਲਈ ਵਹੁਟੀ ਲੱਭਣੀ ਵੀ ਸ਼ੁਰੂ ਕਰ ਦਿੱਤੀ। ਪੁੱਤ ਦੇ ਵਿਆਹ ਦਾ ਚਾਅ ਉਸਦੇ ਦਿਲ ਵਿੱਚ ਹਿਲੋਰੇ ਲੈ ਰਿਹਾ ਸੀ।
ਇੱਕ ਮਹੀਨੇ ਪਹਿਲਾਂ ਸੁਰਖ਼ਾਬ ਨੂੰ ਛੁੱਟੀ ਦੀ ਮੰਜੂਰੀ ਮਿਲ ਗਈ ਸੀ। ਉਹ ਬਾਹਰਲੇ ਮੁਲਖੋ ਪੰਜਾਬ ਪਰਤਣ ਲਈ ਘਰ ਤੋਂ ਨਿੱਕਲਿਆ ਤਾਂ ਅਸਬਾਬ ਲੈ ਕੇ ਜਾ ਰਹੇ ਇੱਕ ਬੇਕਾਬੂ ਟਰੱਕ ਹੇਠਾਂ ਆ ਗਿਆ। ਜਦੋਂ ਇਹ ਖ਼ਬਰ ਪੰਜਾਬ ਪਹੁੰਚੀ ਤਾਂ ਪੂਰੇ ਪਿੰਡ ਵਿੱਚ ਦੁਹਾਈ ਮੱਚ ਗਈ। ਪੁੱਤਰ ਦੀ ਮੌਤ ਦੀ ਖ਼ਬਰ ਸੁਣਕੇ ਮਨਜੀਤ ਨੂੰ ਗ਼ਸ਼ ਪੈ-ਪੈ ਜਾਂਦੇ ਸਨ। ਉਸਨੂੰ ਜਦ ਵੀ ਹੋਸ਼ ਆਉਂਦੀ ਤਾਂ ਉਹ ਅਜਿਹੇ ਵੈਣ ਪਾਉਂਦੀ ਜਿਨ੍ਹਾਂ ਨੂੰ ਸੁਣਕੇ ਕਲੇਜਾ ਪਾਟਣ ਨੂੰ ਆਉਂਦਾ ਸੀ। ਸੁੱਖਾਂ ਸੁਖ ਸੁਖ ਕੇ ਲਿਆ ਪੁੱਤ ਅੱਜ ਰੱਬ ਨੇ ਖੋਹ ਲਿਆ ਸੀ। ਸੁਰਖ਼ਾਬ ਉਸ ਰਾਹ ਤੇ ਚਲਾ ਗਿਆ ਸੀ ਜਿਥੋਂ ਕੋਈ ਨਹੀਂ ਮੁੜ ਸਕਦਾ। ਅੱਜ ਮਾਂ ਦੀ ਝੋਲੀ ਖਾਲੀ ਰਹਿ ਗਈ ਸੀ। ਉਸਦੇ ਸਾਰੇ ਅਰਮਾਨ ਵਲੂੰਧਰੇ ਗਏ ਸਨ। ਨਿੱਕੀ ਦੇ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਸਨ। ਉਹ ਤਾਂ ਚੌਹ ਸਾਲਾਂ ਤੋਂ ਵੀਰ ਨੂੰ ਰੱਖੜੀ ਬੰਨਣ ਨੂੰ ਤਰਸਦੀ ਪਈ ਸੀ। ਲੋਕੀ ਹੌਂਸਲਾ ਰੱਖਣਾ ਲਈ ਤੇ ਰੱਬ ਦਾ ਭਾਣਾ ਮੰਨਣ ਲਈ ਕਹਿ ਕੇ ਜਾਈ ਜਾ ਰਹੇ ਸਨ।
…ਤੇ ਅੱਜ ਵੀ ਮਨਜੀਤ ਸਬਾਤ ਵਿੱਚ ਕੰਧ ਨੂੰ ਢੋਅ ਲਾਈ ਮੰਜੇ ਤੇ ਬੈਠੀ ਸੀ। ਉਸਦੀ ਨਜ਼ਰ ਅਸਮਾਨ ਤੇ ਉੱਡਦੇ ਪਰਿੰਦਿਆਂ ਵੱਲ ਸੀ ਜੋ ਆਪੋ ਆਪਣੇ ਘਰਾਂ ਨੂੰ ਮੁੜ ਰਹੇ ਸਨ। ਸ਼ਾਇਦ ਉਸਨੂੰ ਅਜੇ ਵੀ ਆਪਣੇ ਪੁੱਤਰ ਦੇ ਪਰਤ ਆਉਣ ਦੀ ਆਸ ਸੀ। ਨਿੱਕੀ ਨੇ ਉਸਨੂੰ ਹੌਲੀ ਜਿਹੇ ਚਾਹ ਪੀਣ ਲਈ ਆਵਾਜ਼ ਮਾਰੀ। ਪਰ ਮਨਜੀਤ ਨੇ ਕੋਈ ਜਵਾਬ ਨਾ ਦਿੱਤਾ। ਦੋ ਤਿੰਨ ਵਾਰ ਬੁਲਾਉਣ ਤੇ ਵੀ ਜਦ ਕੋਈ ਜਵਾਬ ਨਾ ਮਿਲਿਆ ਤਾਂ ਨਿੱਕੀ ਨੇ ਉਸਨੂੰ ਹਲੂਣਿਆਂ ਪਰ ਮਨਜੀਤ ਦਾ ਬੇਜਾਨ ਸਰੀਰ ਇੱਕ ਪਾਸੇ ਨੂੰ ਮੰਜੇ ਉੱਤੇ ਲੁੜਕ ਗਿਆ। ਨਿੱਕੀ ਉਸਨੂੰ ਮਾਂ ਮਾਂ ਕਹਿਕੇ ਅਵਾਜ਼ਾਂ ਮਾਰੀ ਜਾ ਰਹੀ ਸੀ ਪਰ ਮਾਂ ਆਪਣੇ ਸੁਰਖ਼ਾਬ ਕੋਲ ਜਾ ਚੁੱਕੀ ਸੀ ।
(ਸਮਾਪਤ)
The author for this story is Armaan